
ਅੰਮ੍ਰਿਤਸਰ, (PRIME INDIAN NEWS) :- ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਵੱਲੋਂ ਅਹਿਮ ਉਪਰਾਲਾ ਕੀਤਾ ਗਿਆ ਹੈ, ਜਿਸਦੇ ਤਹਿਤ ਬੱਚੀਆਂ ਨੂੰ ਆਤਮ ਨਿਰਭਰ ਬਣਾਉਣ ਲਈ ਉਨ੍ਹਾਂ ਨੂੰ ਡਰਾਈਵਿੰਗ ਸਿਖਲਾਈ ਦੇਣ ਦੀ ਸ਼ੁਰੂਆਤ ਕੀਤੀ ਗਈ ਹੈ। ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ‘ਚ 100 ਲੜਕੀਆਂ ਦੇ ਪਹਿਲੇ ਬੈਚ ਨੂੰ ਉਕਤ ਸਿਖਲਾਈ ਦਿੱਤੀ ਗਈ।
ਇਸ ਮੌਕੇ ਸੰਬੋਧਨ ਕਰਦਿਆਂ DC ਥੋਰੀ ਨੇ ਕਿਹਾ ਕਿ ਵਾਹਨ ਚਲਾਉਣਾ ਅੱਜ ਹਰੇਕ ਵਿਅਕਤੀ ਦੀ ਲੋੜ ਹੈ, ਇਸ ਲਈ ਅਸੀਂ “ਬੇਟੀ ਬਚਾਉ ਬੇਟੀ ਪੜਾਉ” ਮੁਹਿੰਮ ਤਹਿਤ ਜਿਲ੍ਹੇ ਦੀਆਂ ਬੱਚੀਆਂ ਨੂੰ ਇਸ ਸਬੰਧੀ ਸਿੱਖਿਅਤ ਕਰਨ ਦਾ ਫੈਸਲਾ ਲਿਆ ਹੈ। ਉਨ੍ਹਾਂ ਕਿਹਾ ਕਿ ਅੱਜ ਦੇ ਸਮੇਂ ਵਿਚ ਹਰੇਕ ਵਿਅਕਤੀ ਆਤਮ ਨਿਰਭਰ ਬਣਨਾ ਚਾਹੁੰਦਾ ਹੈ ਭਾਵੇਂ ਦੇਸ਼ ਹੋਵੇ ਜਾਂ ਵਿਦੇਸ਼ ਵਾਹਨ ਚਲਾਉਣਾ ਆਉਣਾ ਚਾਹੀਦਾ ਹੈ। ਇਸ ਲਈ ਇਸ ਮੌਕੇ ਦਾ ਲਾਭ ਲੈਂਦੇ ਹੋਏ ਗੱਡੀਆਂ ਚਲਾਉਣ ਵਿਚ ਪੂਰੀ ਮੁਹਾਰਤ ਹਾਸਿਲ ਕਰਨੀ ਚਾਹੀਦੀ ਹੈ।
ਮੌਕੇ ਤੇ ਮੌਜੂਦ RTA ਅਰਸ਼ਦੀਪ ਸਿੰਘ ਨੇ ਦੱਸਿਆ ਕਿ DC ਥੋਰੀ ਦੇ ਯਤਨਾਂ ਸਦਕਾ ਅੱਜ ਚਾਰ ਸਕੂਲਾਂ ਦੀ 100 ਬੱਚੀਆਂ ਨੂੰ ਡਰਾਈਵਿੰਗ ਸਿਖਲਾਈ ਦਿੱਤੀ ਜਾ ਰਹੀ ਹੈ ਤੇ ਅਗਲੇ 10 ਦਿਨਾਂ ਤੱਕ ਇਨ੍ਹਾਂ ਨੂੰ ਰੋਜ਼ਾਨਾ ਇਕ ਘੰਟਾ ਡਰਾਈਵਿੰਗ ਦੀ ਸਿੱਖਿਆ ਦਿੱਤੀ ਜਾਵੇਗੀ, ਜਿਸ ਨਾਲ ਇਹ ਬੱਚੀਆਂ ਡਰਾਈਵਿੰਗ ਲਾਇਸੈਂਸ ਬਣਾ ਸਕਣਗੀਆਂ। ਉਨ੍ਹਾਂ ਕਿਹਾ ਕਿ ਗੱਡੀ ਚਲਾਉਣ ਵਾਲੇ ਆਪਣੀ ਹੀ ਨਹੀਂ ਸਗੋਂ ਰਾਹਗੀਰਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣਾ ਵੀ ਡਰਾਈਵਰ ਦੀ ਜ਼ਿੰਮੇਵਾਰੀ ਹੈ, ਜਿਸ ਦੀ ਜਾਣਕਾਰੀ ਇਨ੍ਹਾਂ ਬੱਚੀਆਂ ਨੂੰ ਡਰਾਈਵਿੰਗ ਸਕੂਲ ਵਿਚ ਹੀ ਦਿੱਤੀ ਜਾਵੇਗੀ।





























