
ਜਲੰਧਰ, ਐਚ ਐਸ ਚਾਵਲਾ। ਪੰਜਾਬ ਸਰਕਾਰ ਦੇ ਨਿਰਦੇਸ਼ਾਂ ‘ਤੇ ਫੂਡ ਤੇ ਡਰੱਗ ਐਡਮਨਿਸਟ੍ਰੇਸ਼ਨ ਅਤੇ ਜਿਲ੍ਹਾ ਪ੍ਰਸ਼ਾਸਨ ਵਲੋਂ 8 ਮਾਰਚ ਨੂੰ ਈਟ ਰਾਈਟ ਵਾਕਾਥੋਨ ਕਰਵਾਈ ਜਾ ਰਹੀ ਹੈ, ਜੋ ਸਵੇਰੇ 6 ਵਜੇ ਸਰਕਟ ਹਾਊਸ ਜਲੰਧਰ ਤੋਂ ਸ਼ੁਰੂ ਹੋ ਕੇ ਗੁਰੂ ਗੋਬਿੰਦ ਸਿੰਘ ਸਟੇਡੀਅਮ ਜਲੰਧਰ ਵਿਖੇ ਸਮਾਪਤ ਹੋਵੇਗੀ। ਮਿਤੀ 15 ਮਾਰਚ ਨੂੰ ਈਟ ਰਾਈਟ ਮੇਲਾ ਰੈੱਡ ਕਰਾਸ ਭਵਨ ਜਲੰਧਰ ਵਿਖੇ ਹੋਵੇਗਾ। ਇਸ ਸਬੰਧੀ ਅੱਜ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਵੱਲੋਂ ਟੀ-ਸ਼ਰਟ ਰਲੀਜ਼ ਕੀਤੀ ਗਈ। ਇਸ ਮੌਕੇ ਸਹਾਇਕ ਕਮਿਸ਼ਨਰ (ਫੂਡ ਸੇਫਟੀ) ਡਾ. ਹਰਜੋਤ ਪਾਲ ਸਿੰਘ ਅਤੇ ਫੂਡ ਸੇਫਟੀ ਅਫਸਰ ਮੁਕੁਲ ਗਿੱਲ ਹਾਜ਼ਰ ਸਨ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸਾਡੀ ਨੌਜਵਾਨ ਪੀੜ੍ਹੀ ਫਾਸਟ ਫੂਡ ਤੇ ਜੰਕ ਫੂਡ ਵੱਲ ਜਿਆਦਾ ਆਕਰਸ਼ਿਤ ਹੋ ਰਹੀ ਹੈ, ਇਸ ਲਈ ਪੰਜਾਬ ਸਰਕਾਰ ਵਲੋਂ ਉਪਰਾਲਾ ਕੀਤਾ ਜਾ ਰਿਹਾ ਹੈ ਕਿ ਸਾਡੇ ਪੰਜਾਬ ਵਾਸੀ ਪੁਰਾਣੇ ਰਵਾਇਤੀ ਖਾਣੇ ਅਤੇ ਮਿੱਲਟਸ ਨੂੰ ਅਪਨਾਉਣ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਵਲੋਂ ਯੋਗਾ ਤੇ ਖੇਡਾਂ ਨੂੰ ਵੀ ਉਤਸ਼ਾਹਿਤ ਕੀਤਾ ਜਾ ਰਿਹਾ ਹੈ, ਤਾਂ ਜੋ ਸਿਹਤਮੰਦ ਪੰਜਾਬ ਦੀ ਸਿਰਜਣਾ ਹੋ ਸਕੇ।
ਪ੍ਰੋਗਰਾਮ ਸਬੰਧੀ ਜਾਣਕਾਰੀ ਦਿੰਦਿਆਂ ਡਾ. ਹਰਜੋਤ ਪਾਲ ਸਿੰਘ ਨੇ ਦੱਸਿਆ ਕਿ ਈਟ ਰਾਈਟ ਮੇਲੇ ਵਿਚ ਮੁੱਖ ਮਹਿਮਾਨ ਮਹਿੰਦਰ ਭਗਤ ਕੈਬਨਿਟ ਮੰਤਰੀ ਪੰਜਾਬ ਹੋਣਗੇ। ਉਨ੍ਹਾਂ ਦੱਸਿਆ ਕਿ ਈਟ ਰਾਈਟ ਮੇਲੇ ਵਿੱਚ ਮੁੱਖ ਆਕਰਸ਼ਨ ਵਜੋਂ ਲਾਈਟ ਮਿੱਲਟ ਕੁਕਿੰਗ ਸ਼ੋਅ, ਯੋਗਾ ਸ਼ੋਅ, ਨੁੱਕੜ ਨਾਟਕ, ਨਿਊਟ੍ਰੀਸ਼ਨ ਮਾਹਿਰਾਂ ਵੱਲੋਂ ਚਰਚਾ, ਈਟ ਰਾਈਟ ਸੈੱਲਫੀ ਪੁਆਇੰਟ, ਜਲੰਧਰ ਦੇ ਮਸ਼ਹੂਰ ਫੂਡ ਸਟਾਲ, ਕੁਇਜ਼ ਮੁਕਾਬਲੇ, ਸਿਹਤਮੰਦ ਜੀਵਨਸ਼ੈਲੀ ਥੀਮ ਤੇ ਬੱਚਿਆਂ ਦੇ ਪੋਸਟਰ ਮੇਕਿੰਗ ਮੁਕਾਬਲੇ, ਰੰਗਾਰੰਗ ਸੱਭਿਆਚਾਰਕ ਪ੍ਰੋਗਰਾਮ ਆਦਿ ਹੋਣਗੇ।





























