ਦੇਸ਼ਦੁਨੀਆਂਪੰਜਾਬ

ਪੀਰ ਮੁਹੰਮਦ ਵੱਲੋਂ ਪਾਰਟੀ ਛੱਡਣ ਦਾ ਸ਼੍ਰੋਮਣੀ ਅਕਾਲੀ ਦਲ ਨੂੰ ਕੋਈ ਫਰਕ ਨਹੀਂ ਪੈਣਾ – ਸ਼੍ਰੋਮਣੀ ਅਕਾਲੀ ਦਲ ਯੂਰਪ

ਕਿਹਾ – 2027 ‘ਚ ਸੂਬੇ ਅੰਦਰ ਬਣੇਗੀ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ

ਪੈਰਿਸ, (PRIME INDIAN NEWS) :- ਸਿੱਖ ਸਟੂਡੈਂਟ ਫੈਡਰੇਸ਼ਨ ਦੇ ਸਾਬਕਾ ਪ੍ਰਧਾਨ ਕਰਨੈਲ ਸਿੰਘ ਪੀਰ ਮੁਹੰਮਦ, ਜਿਹੜੇ ਕਿ ਆਪਣੀ ਸਿਆਸੀ ਜਿੰਦਗੀ ਵਿੱਚ ਕਦੇ ਵੀ ਕਿਸੇ ਇੱਕ ਪਾਰਟੀ ਨਾਲ ਜੁੜ ਕੇ ਨਹੀਂ ਰਹੇ, ਸ਼ਾਇਦ ਇਹ ਉਨ੍ਹਾਂ ਦੀ ਮਜਬੂਰੀ ਹੈ ਜਾਂ ਫਿਰ ਰੁੱਤਾਂ ਵਾਂਗ ਰੰਗ ਬਦਲਦੇ ਰਹਿਣਾ, ਇਸ ਬਾਰੇ ਤਾਂ ਉਹ ਆਪ ਹੀ ਦੱਸ ਸਕਦੇ ਹਨ, ਐਪਰ ਇੱਕ ਗੱਲ ਜਰਰੂ ਹੈ ਕਿ ਇਹੋ ਜਿਹੇ ਪਾਸਾ ਪਲਟਣ ਵਾਲੇ ਵਿਅਕਤੀ ਉੱਪਰ ਕੋਈ ਵੀ ਸਿਆਣਾ ਨੇਤਾ ਵਿਸ਼ਵਾਸ ਨਹੀਂ ਕਰਦਾ ਹੁੰਦਾ।

ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਕਰਦੇ ਹੋਏ ਸ਼੍ਰੋਮਣੀ ਅਕਾਲੀ ਯੂਰਪ ਦੇ ਆਗੂਆਂ ਕ੍ਰਮਵਾਰ, ਇਕਬਾਲ ਸਿੰਘ ਭੱਟੀ, ਜਗਵੰਤ ਸਿੰਘ ਲਹਿਰਾ, ਲਾਭ ਸਿੰਘ ਭੰਗੂ, ਮਸਤਾਨ ਸਿੰਘ ਨੌਰਾ, ਲਖਵਿੰਦਰ ਸਿੰਘ ਡੋਗਰਾਂਵਾਲ, ਜਥੇਦਾਰ ਗੁਰਚਰਨ ਸਿੰਘ ਭੁੰਗਰਨੀ, ਹਰਦੀਪ ਸਿੰਘ ਬੋਦਲ, ਜਗਜੀਤ ਸਿੰਘ ਫ਼ਤਿਹਗੜ੍ਹ, ਯੂਥ ਦੇ ਯੂਰਪ ਨੇਤਾ ਜਸਪ੍ਰੀਤ ਸਿੰਘ ਅਟਵਾਲ, ਸੁਰਜੀਤ ਸਿੰਘ ਮਾਣਾ, ਮਾਸਟਰ ਅਵਤਾਰ ਸਿੰਘ ਅਤੇ ਸੁਖਜਿੰਦਰ ਸਿੰਘ ਕਾਲੜੂ ਆਦਿ ਨੇ ਕਿਹਾ ਕਿ, ਪੀਰ ਮੁਹੰਮਦ ਜਾਂ ਇਸਦੇ ਨਾਲ ਦੇ ਕੁੱਝ ਹੋਰ ਸਾਥੀ, ਜੇਕਰ ਸ਼੍ਰੋਮਣੀ ਅਕਾਲੀ ਦਲ ਨੂੰ ਛੱਡ ਕੇ ਜਾ ਰਹੇ ਹਨ, ਤਾਂ ਪਾਰਟੀ (ਸ਼੍ਰੋ.ਅ.ਦਲ ) ਸਹਿਤ ਸ. ਸੁਖਬੀਰ ਸਿੰਘ ਬਾਦਲ ਨੂੰ ਕੋਈ ਫਰਕ ਨਹੀਂ ਪੈਂਦਾ। ਵੈਸੇ ਵੀ ਇਕ ਕਹਾਵਤ ਹੈ ਕਿ ਜਦੋਂ ਜਹਾਜ ਡੁੱਬਣ ਲੱਗਦਾ ਹੈ ਤਾਂ ਇਹੋ ਜਿਹੇ ਦੁੱਮ ਦਬਾਅ ਕੇ ਭੱਜਦੇ ਆਮ ਦੇਖੇ ਜਾਂਦੇ ਹਨ, ਐਪਰ ਇਨ੍ਹਾਂ ਨੂੰ ਇਹ ਨਹੀਂ ਪਤਾ ਕਿ ਸ਼੍ਰੋਮਣੀ ਅਕਾਲੀ ਦਲ ਦਾ ਜਹਾਜ ਡੁੱਬਣ ਵਾਲਾ ਨਹੀਂ, ਬਸ ਰਾਜਨੀਤੀ ਵਿੱਚ ਉਤਾਰ ਚੜਾਅ ਚਲਦੇ ਰਹਿੰਦੇ ਹਨ। 2027 ਵਿੱਚ ਸੂਬੇ ਅੰਦਰ ਸ਼੍ਰੋਮਣੀ ਅਕਾਲੀ ਦਲ ਨਵੀਂ ਰੋਸ਼ਨੀ ਲੈ ਕੇ ਪਹਿਲਾਂ ਨਾਲੋਂ ਵੀ ਵੱਧ ਚਮਕੇਗਾ।

ਉਕਤ ਆਗੂਆਂ ਨੇ ਕਿਹਾ ਕਿ ਆਉਣ ਵਾਲਾ ਸਮਾਂ ਸ਼੍ਰੋਮਣੀ ਅਕਾਲੀ ਦਲ ਦਾ ਹੀ ਹੈ। ਪੰਜਾਬ ਵਾਸੀ ਹੁਣ ਜਾਗ ਚੁੱਕੇ ਹਨ ਅਤੇ ਹੁਣ ਉਹ ਕਦੇ ਵੀ ਕਿਸੇ ਵੀ ਸਬਜ਼ਬਾਗ ਦਿਖਾਉਣ ਅਤੇ ਗੁੰਮਰਾਹ ਕਰਨ ਵਾਲੀਆਂ ਝੂਠੀਆਂ ਰਾਜਨੀਤਕ ਪਾਰਟੀਆਂ ਦੇ ਬਹਿਕਾਵੇ ਵਿੱਚ ਨਹੀਂ ਆਉਣਗੇ ਅਤੇ 2027 ਵਿੱਚ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੇ ਹੱਕਾਂ ਲਈ ਪਹਿਰਾ ਦੇਣ ਵਾਲੀ ਆਪਣੀ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਦੇ ਹੱਕ ਵਿੱਚ ਆਪਣਾ ਫਤਵਾ ਦੇ ਕੇ ਸ. ਸੁਖਬੀਰ ਸਿੰਘ ਬਾਦਲ ਨੂੰ ਸੂਬੇ ਦਾ ਮੁੱਖਮੰਤਰੀ ਬਣਾਉਣਗੇ।

ਉਕਤ ਆਗੂਆਂ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਸ. ਸੁਖਬੀਰ ਸਿੰਘ ਬਾਦਲ ਨਾਲ ਮੋਢੇ ਨਾਲ ਮੋਢਾ ਲਾ ਕੇ ਖੜਾ ਸੀ, ਖੜਾ ਹੈ ਅਤੇ ਹਮੇਸ਼ਾਂ ਖੜਾ ਰਹੇਗਾ। ਅਕਾਲੀ ਸੁਧਾਰ ਲਹਿਰ ਵਾਲੇ ਜਾਂ ਪੀਰ ਮੁਹੰਮਦ ਵਰਗੇ ਜਿੰਨਾ ਮਰਜੀ ਜੋਰ ਲਗਾ ਲੈਣ, ਇਹਨਾਂ ਦਾ ਕੁੱਝ ਵੀ ਨਹੀਂ ਵੱਟਿਆ ਜਾਣਾ ਅਤੇ ਪੰਜਾਬ ਵਾਸੀਆਂ ਨੇ ਵੀ ਇਹਨਾਂ ਨੂੰ ਦਰਕਿਨਾਰ ਕਰ ਦੇਣਾ ਹੈ। ਉਕਤ ਆਗੂਆਂ ਨੇ ਕਿਹਾ ਕਿ 2027 ਵਿੱਚ ਸੂਬੇ ਅੰਦਰ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣੇਗੀ।

Related Articles

Leave a Reply

Your email address will not be published. Required fields are marked *

Back to top button