
ਜਲੰਧਰ, ਐਚ ਐਸ ਚਾਵਲਾ। ਜਲੰਧਰ ਕਮਿਸ਼ਨਰੇਟ ਪੁਲਿਸ ਨੇ ਲੋਕਾਂ ਨੂੰ ਬਲੈਕਮੇਲ ਕਰਕੇ ਠੱਗੀਆਂ ਮਾਰਨ ਵਾਲੇ ਫਰਜ਼ੀ ਪੱਤਰਕਾਰਾਂ ਦੇ ਗਿਰੋਹ ਦਾ ਪਰਦਾਫਾਸ਼ ਕਰਦਿਆਂ 2 ਔਰਤਾਂ ਸਮੇਤ 6 ਫਰਜ਼ੀ ਪੱਤਰਕਾਰਾਂ ਨੂੰ ਕਾਬੂ ਕੀਤਾ ਹੈ। ਥਾਣਾ ਰਾਮਾਮੰਡੀ ਦੀ ਪੁਲਿਸ ਵਲੋਂ ਇਹਨਾਂ ਫਰਜ਼ੀ ਪੱਤਰਕਾਰਾਂ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ। ਇਹ ਫਰਜ਼ੀ ਪੱਤਰਕਾਰ ਇਲਾਕੇ ਦੇ ਲੋਕਾਂ ਨੂੰ ਬਲੈਕਮੇਲ ਕਰਕੇ ਠੱਗੀਆਂ ਮਾਰਦੇ ਸਨ।
ਕਦੇ ਇਹ ਗਰੋਹ ਪੱਤਰਕਾਰ ਹੋਣ ਦਾ ਢੌਂਗ ਕਰਦਾ, ਕਦੇ ਥਾਣੇਦਾਰ ਬਣ ਜਾਂਦਾ ਅਤੇ ਕਦੇ ਨਗਰ ਨਿਗਮ ਦਾ ਅਫ਼ਸਰ ਬਣ ਕੇ ਕਲੋਨਾਈਜ਼ਰਾਂ ਤੇ ਕਾਰੋਬਾਰੀਆਂ ਨੂੰ ਠੱਗਦਾ ਸੀ। ਫਿਲਹਾਲ ਪੁਲਿਸ ਪ੍ਰੈਸ ਕਾਨਫਰੰਸ ਕਰਕੇ ਇਸ ਮਾਮਲੇ ‘ਚ ਕਈ ਹੋਰ ਖੁਲਾਸੇ ਕਰੇਗੀ।
ਪੁਲੀਸ ਅਨੁਸਾਰ ਪਕੜੇ ਗਏ ਮੁਲਜ਼ਮਾਂ ਵਿੱਚ ਫਰਜ਼ੀ ਪੱਤਰਕਾਰ ਮਿਸ਼ਟੀ ਭਾਰਗਵ ਕੈਂਪ, ਸੰਨੀ ਮਹਿੰਦਰੂ, ਅਜੈ ਅਲੀ ਮੁਹੱਲਾ, ਮਨਪ੍ਰੀਤ ਅਵਤਾਰ ਨਗਰ ਅਤੇ ਤਿੰਨ ਲੜਕੇ ਤੇ ਇੱਕ ਲੜਕੀ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਮੁਲਜ਼ਮਾਂ ਖ਼ਿਲਾਫ਼ ਧਾਰਾ 384/420/419/34 ਤਹਿਤ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਦਿੱਤੀ ਹੈ।
ਜਾਣਕਾਰੀ ਮੁਤਾਬਿਕ ਮਿਸ਼ਟੀ ਨੇ ਆਪਣੀ ਪਛਾਣ ਅਸਿਸਟੈਂਟ ਟਾਊਨ ਪਲਾਨਰ (ਏ.ਟੀ.ਪੀ.) ਵਜੋਂ ਦੱਸੀ ਹੈ। ਇਸ ਦੇ ਨਾਲ ਇੱਕ ਫਰਜ਼ੀ ਪੱਤਰਕਾਰ ਵੀ ਸੀ, ਜੋ ਕਿ ਨਗਰ ਨਿਗਮ ਦਾ ਬਿਲਡਿੰਗ ਇੰਸਪੈਕਟਰ ਦੱਸਿਆ ਜਾਂਦਾ ਹੈ। ਇਸ ਤੋਂ ਇਲਾਵਾ ਨਾਲ ਆਏ ਦੋ ਹੋਰ ਵਿਅਕਤੀਆਂ ਨੂੰ ਬਿਲਡਿੰਗ ਬ੍ਰਾਂਚ ਦੇ ਨੌਕਰ ਅਤੇ ਡਰਾਫਟਸਮੈਨ ਦੱਸਿਆ ਗਿਆ ਹੈ।
ਇਨ੍ਹਾਂ ਫਰਜ਼ੀ ਪੱਤਰਕਾਰਾਂ ਨੇ ਆਪਣੇ ਆਪ ਨੂੰ ਏ.ਟੀ.ਪੀ., ਇੰਸਪੈਕਟਰ, ਡਰਾਫਟਸਮੈਨ ਅਤੇ ਸੇਵਾਦਾਰ ਦੱਸ ਕੇ ਜਲੰਧਰ ਸੈਂਟਰਲ ਡਵੀਜ਼ਨ ਦੇ ਰਾਮਾਮੰਡੀ ਇਲਾਕੇ ਦੇ ਇੱਕ ਕਾਲੋਨਾਈਜ਼ਰ ਤੋਂ ਪੈਸਿਆਂ ਦੀ ਮੰਗ ਕੀਤੀ। ਇਸ ਦੇ ਬਦਲੇ ਉਕਤ ਕਲੋਨਾਈਜ਼ਰ ਨੇ ਮਿਸ਼ਟੀ ਨੂੰ ਕੁਝ ਪੈਸੇ ਵੀ ਦਿੱਤੇ। ਇਸ ਤੋਂ ਬਾਅਦ ਕਾਲੋਨਾਈਜ਼ਰ ਨੇ ਪੁਲਿਸ ਨੂੰ ਸ਼ਿਕਾਇਤ ਕੀਤੀ, ਜਿਸਤੇ ਕਾਰਵਾਈ ਕਰਦੇ ਹੋਏ ਪੁਲਿਸ ਨੇ ਜਾਲ ਵਿਛਾ ਕੇ ਸਾਰੇ ਠੱਗਾਂ ਨੂੰ ਕਾਬੂ ਕਰ ਲਿਆ।





























