ਕਿਹਾ – ਪਸ਼ੂ ਪਾਲਣ ਵਿਭਾਗ ਕੋਲ ਪਹਿਲ ਦੇ ਅਧਾਰ ‘ਤੇ ਕਰਵਾਈ ਜਾਵੇ ਰਜਿਸਟ੍ਰੇਸ਼ਨ , ਜ਼ਿਲ੍ਹਾ ਅਤੇ ਤਹਿਸੀਲ ਪੱਧਰ ’ਤੇ ਪਸ਼ੂ ਭਲਾਈ ਕਮੇਟੀਆਂ ਦਾ ਗਠਨ
ਜਲੰਧਰ, ਐਚ ਐਸ ਚਾਵਲਾ/ਐਚ ਐਸ ਸੋਨੀ। ਪਾਲਤੂ ਜਾਨਵਰਾਂ ਦੀ ਭਲਾਈ ਅਤੇ ਵਪਾਰ ਨੂੰ ਨਿਯਮਤ ਕਰਨ ਲਈ ਇਕ ਅਹਿਮ ਕਦਮ ਚੁੱਕਦਿਆਂ ਸਰਕਾਰ ਵਲੋਂ ਰਜਿਸਟ੍ਰੇਸ਼ਨ ਲਾਜ਼ਮੀ ਕੀਤੀ ਗਈ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਦੱਸਿਆ ਕਿ ਪਾਲਤੂ ਜਾਨਵਰਾਂ ਕੁੱਤਿਆਂ, ਬਿੱਲੀਆਂ ਅਤੇ ਪੰਛੀਆਂ ਦਾ ਵਪਾਰ ਕਰਨ ਵਾਲੇ ਦੁਕਾਨਦਾਰਾਂ ਦੀ ਪਸ਼ੂ ਪਾਲਣ ਵਿਭਾਗ ਪਾਸ ਰਜਿਸਟ੍ਰੇਸ਼ਨ ਨੁੂੰ ਲਾਜ਼ਮੀ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਦਾ ਮੁੱਖ ਮੰਤਵ ਅਨੈਤਿਕ ਤਰੀਕੇ ਨਾਲ ਜਾਨਵਰਾਂ ਦੇ ਪ੍ਰਜਣਨ ਅਤੇ ਵਪਾਰਕ ਅਦਾਰਿਆਂ ਵਿੱਚ ਜਾਨਵਰਾਂ ਨਾਲ ਦੁਰਵਿਹਾਰ ਨੂੰ ਰੋਕਣਾ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪਸ਼ੂ ਪਾਲਣ ਵਿਭਾਗ ਵਲੋਂ ਜਾਰੀ ਹਦਾਇਤਾਂ ਅਨੁਸਾਰ ਪਾਲਤੂ ਜਾਨਵਰਾਂ ਦੇ ਵਪਾਰ ਨਾਲ ਸਬੰਧਿਤ ਵਿਅਕਤੀਆਂ ਦਾ ਪੰਜਾਬ ਰਾਜ ਐਨੀਮਲ ਵੈਲਫੇਅਰ ਬੋਰਡ ਪਾਸ ਰਜਿਸਟਰ ਹੋਣਾ ਬਹੁਤ ਜ਼ਰੂਰੀ ਹੈ।
ਉਨ੍ਹਾਂ ਡਿਪਟੀ ਡਾਇਰੈਕਟਰ ਪਸ਼ੂ ਪਾਲਣ ਵਿਭਾਗ ਨੂੰ ਹਦਾਇਤ ਕਰਦਿਆਂ ਕਿਹਾ ਕਿ ਰਜਿਸਟ੍ਰੇਸ਼ਨ ਪ੍ਰਕਿਰਿਆ ਨੂੰ ਸਫਲਤਾਪੂਰਵਕ ਨੇਪਰੇ ਚਾੜ੍ਹਿਆ ਜਾਵੇ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਦੇ ਪਸ਼ੂ ਪਾਲਣ ਅਫ਼ਸਰ ਫੀਲਡ ਵਿੱਚ ਜਾ ਕੇ ਪਾਲਤੂ ਜਾਨਵਰਾਂ ਦੇ ਦੁਕਾਨਦਾਰਾਂ ਅਤੇ ਬਰੀਡਰਾਂ ਨਾਲ ਤਾਲਮੇਲ ਰੱਖਣਾ ਵੀ ਯਕੀਨੀ ਬਣਾਉਣ।
ਡਾ. ਅਗਰਵਾਲ ਨੇ ਅੱਗੇ ਦੱਸਿਆ ਕਿ ਸਰਕਾਰ ਵਲੋਂ ਜ਼ਿਲ੍ਹਾ ਅਤੇ ਤਹਿਸੀਲ ਪੱਧਰ ’ਤੇ ਪਸ਼ੂ ਭਲਾਈ ਕਮੇਟੀਆਂ ਦਾ ਗਠਨ ਵੀ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਕਮੇਟੀਆਂ ਵਿੱਚ ਪਸ਼ੂ ਪਾਲਣ ਵਿਭਾਗ ਦਾ ਅਫ਼ਸਰ, ਪੁਲਿਸ, ਜੰਗਲਾਤ, ਜੰਗਲੀ ਜੀਵ ਸੁਰੱਖਿਆ ਵਿਭਾਗ, ਸਥਾਨਕ ਸਰਕਾਰਾਂ ਅਤੇ ਐਸ.ਪੀ.ਸੀ.ਏ. ਦਾ ਪ੍ਰਾਈਵੇਟ ਮੈਂਬਰ ਸ਼ਾਮਿਲ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਕਮੇਟੀਆਂ ਨੂੰ ਜਾਨਵਰਾਂ ਪ੍ਰਤੀ ਹੋਈ ਬੇਰਹਿਮੀ ਦੀ ਸ਼ਿਕਾਇਤ ਦੀ ਜਾਂਚ ਕਰਨ ਅਤੇ ਢੁੱਕਵੀਂ ਕਾਰਵਾਈ ਕਰਨ ਲਈ ਸਮਰੱਥ ਬਣਾਇਆ ਗਿਆ ਹੈ, ਤਾਂ ਜੋ ਪੰਜਾਬ ਭਰ ਵਿੱਚ ਜਾਨਵਰਾਂ ਦੀ ਭਲਾਈ ਪ੍ਰਤੀ ਬਣੇ ਐਕਟ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕੀਤਾ ਜਾ ਸਕੇ।
ਡਿਪਟੀ ਕਮਿਸ਼ਨਰ ਨੇ ਜ਼ਿਲ੍ਹਾ ਜਲੰਧਰ ਦੇ ਪਾਲਤੂ ਜਾਨਵਰਾਂ ਦੇ ਦੁਕਾਨਦਰਾਂ ਅਤੇ ਕੁੱਤੇ ਦੇ ਬਰੀਡਰਾਂ ਨੂੰ ਅਪੀਲ ਕੀਤੀ ਕਿ ਪਹਿਲ ਦੇ ਆਧਾਰ ‘ਤੇ ਰਜਿਸਟ੍ਰੇਸ਼ਨ ਕਰਵਾਈ ਜਾਵੇ, ਤਾਂ ਜੋ ਭਵਿੱਖ ਵਿੱਚ ਕਿਸੇ ਵੀ ਤਰ੍ਹਾਂ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।





























