
ਜਲੰਧਰ, ਐਚ ਐਸ ਚਾਵਲਾ। ਮਾਣਯੋਗ ਸੀਨੀਅਰ ਪੁਲਿਸ ਕਪਤਾਨ ਜਲੰਧਰ (ਦਿਹਾਤੀ) ਸ਼੍ਰੀ ਹਰਵਿੰਦਰ ਸਿੰਘ ਵਿਰਕ ਨੇ ਅੱਜ ਐਕਸਾਇਜ਼ ਵਿਭਾਗ ਦੇ ਉੱਚ ਅਧਿਕਾਰੀਆਂ ਨਾਲ ਇੱਕ ਮਹੱਤਵਪੂਰਨ ਸਾਂਝੀ ਮੀਟਿੰਗ ਕੀਤੀ ਜਿਸ ਦਾ ਮੁੱਖ ਉਦੇਸ਼ ਗੈਰਕਾਨੂੰਨੀ ਸ਼ਰਾਬ ਦੇ ਨਿਰਮਾਣ, ਤਸਕਰੀ ਅਤੇ ਵਿਕਰੀ ‘ਤੇ ਕਾਬੂ ਪਾਉਣ ਲਈ ਪ੍ਰਭਾਵਸ਼ਾਲੀ ਯੋਜਨਾਵਾਂ ਬਣਾਉਣਾ ਸੀ। ਮੀਟਿੰਗ ਦੌਰਾਨ ਰਾਤ ਦੀਆਂ ਚੈਕਿੰਗ ਮੁਹਿੰਮਾਂ ਦਾ ਵਿਸਥਾਰ, ਸਰਹੱਦੀ ਅਤੇ ਸੰਵੇਦਨਸ਼ੀਲ ਇਲਾਕਿਆਂ ਵਿੱਚ ਨਿਗਰਾਨੀ ਵਧਾਉਣ ਅਤੇ ਜਨਤਾ ਵਿੱਚ ਜਾਗਰੂਕਤਾ ਪੈਦਾ ਕਰਨ ਲਈ “ਨਸ਼ਾ-ਮੁਕਤ ਪਿੰਡ” ਮੁਹਿੰਮ ਸ਼ੁਰੂ ਕਰਨ ‘ਤੇ ਸਹਿਮਤੀ ਹੋਈ।
ਐੱਸ.ਐੱਸ.ਪੀ. ਜਲੰਧਰ (ਦਿਹਾਤੀ) ਵੱਲੋਂ ਉੱਚ ਅਧਿਕਾਰੀਆਂ ਵੱਲੋਂ ਜਾਰੀ ਕੀਤੇ ਦਿਸ਼ਾ-ਨਿਰਦੇਸ਼ ਐਕਸਾਇਜ਼ ਵਿਭਾਗ ਨਾਲ ਸਾਂਝੇ ਕੀਤੇ ਗਏ, ਤਾਂ ਜੋ ਦੋਵੇਂ ਵਿਭਾਗ ਇਕਜੁੱਟ ਹੋ ਕੇ ਗੈਰਕਾਨੂੰਨੀ ਸ਼ਰਾਬ ਖ਼ਿਲਾਫ਼ ਤੁਰੰਤ ਅਤੇ ਪ੍ਰਭਾਵਸ਼ਾਲੀ ਕਾਰਵਾਈ ਕਰ ਸਕਣ।
ਸ਼੍ਰੀ ਹਰਵਿੰਦਰ ਸਿੰਘ ਵਿਰਕ ਨੇ ਸਪਸ਼ਟ ਕੀਤਾ ਕਿ ਗੈਰਕਾਨੂੰਨੀ ਸ਼ਰਾਬ ਅਤੇ ਨਸ਼ੇ ਦੀਆਂ ਹੋਰ ਗਤੀਵਿਧੀਆਂ ਖ਼ਿਲਾਫ਼ ਜ਼ੀਰੋ ਟਾਲਰੈਂਸ ਨੀਤੀ ਅਪਣਾਈ ਜਾਵੇਗੀ ਅਤੇ ਕਿਸੇ ਵੀ ਦੋਸ਼ੀ ਨੂੰ ਬਖ਼ਸ਼ਿਆ ਨਹੀਂ ਜਾਵੇਗਾ, ਭਾਵੇਂ ਉਹ ਕਿਸੇ ਵੀ ਪ੍ਰਭਾਵਸ਼ਾਲੀ ਜਾਂ ਸਿਫ਼ਾਰਸ਼ੀ ਹੋਣ। ਇਸ ਮੀਟਿੰਗ ਵਿੱਚ ਸ਼੍ਰੀ ਹਨੂਵੰਤ ਸਿੰਘ (ਅਸਿਸਟੈਂਟ ਕਮਿਸ਼ਨਰ ਐਕਸਾਇਜ਼, ਜਲੰਧਰ ਈਸਟ ਰੇਂਜ), ਸ਼੍ਰੀ ਨਵਜੀਤ ਸਿੰਘ (ਅਸਿਸਟੈਂਟ ਕਮਿਸ਼ਨਰ ਐਕਸਾਇਜ਼, ਜਲੰਧਰ ਵੈਸਟ ਰੇਂਜ), ਸ਼੍ਰੀ ਜਸਪ੍ਰੀਤ ਸਿੰਘ (ਐਕਸਾਇਜ ਅਫਸਰ, ਵੈਸਟ ਬੀ), ਸ਼੍ਰੀ ਸੁਨੀਲ ਗੁਪਤਾ (ਐਕਸਾਇਜ ਅਫਸਰ, ਵੈਸਟ ਏ) ਅਤੇ ਸ਼੍ਰੀ ਅਮਨਦੀਪ ਪੁਰੀ (ਐਕਸਾਇਜ ਅਫਸਰ, ਈਸਟ) ਸਮੇਤ ਉੱਚ ਪੁਲਿਸ ਅਧਿਕਾਰੀ ਮੌਜੂਦ ਰਹੇ।
ਮੀਟਿੰਗ ਦੇ ਅੰਤ ‘ਤੇ ਦੋਵੇਂ ਵਿਭਾਗਾਂ ਨੇ ਇਹ ਵਚਨ ਦਿੱਤਾ ਕਿ ਜਲੰਧਰ ਜ਼ਿਲ੍ਹੇ ਦੇ ਹਰ ਪਿੰਡ ਅਤੇ ਕਸਬੇ ਵਿੱਚ ਚੈਕਿੰਗ ਹੋਰ ਵਧਾਈ ਜਾਵੇਗੀ ਅਤੇ ਗੈਰਕਾਨੂੰਨੀ ਸ਼ਰਾਬ ਦੇ ਕਾਰੋਬਾਰ ਨੂੰ ਪੂਰੀ ਤਰ੍ਹਾਂ ਖਤਮ ਕਰਨ ਲਈ ਲਗਾਤਾਰ ਮੁਹਿੰਮ ਚਲਾਈ ਜਾਵੇਗੀ।





























